Wednesday 20 February 2013

ਬੇਈਮਾਨੀ


ਆਪਣੀਆਂ
ਜੜ੍ਹਾਂ ਨੂੰ ਛੱਡ
ਅੱਜ ਬਣ ਗਿਆ ਹਾਂ
ਚੋਟੀਆਂ ਦਾ ਮੁਦੱਈ

ਐ ਚੋਟੀਓ ..
ਤੁਹਾਡੀ ਸੁੱਟੀ ਹੋਈ
ਬੁਰਕੀ ਨੂੰ ਬੋਚ
ਹਵਾ ਵਿੱਚ ਲਟਕਦਾ
ਮੈਂ ਆਪਣੇ
ਆਵਦਿਆਂ ਨੂੰ ਹੀ
ਘਿਰਣਾ ਦੀ ਨਜਰ ਨਾਲ
ਵੇਖਦਾ ਹਾਂ

ਰੀਂਗਦੀ ਹੋਈ
ਇਸ ਜਿੰਦਗੀ ਵਿੱਚ
ਉਨਾਂ ਤੋਂ ਵਿੱਥ ਬਣਾ ਕੇ
ਚਲਦਾ ਹਾਂ
ਤੇ ਆਪ ਮੁਹਾਰੇ ਹੀ
ਮੇਰਾ ਹੱਥ
ਮੇਰੀਆਂ ਮੁੱਛਾਂ ਨੂੰ
ਕੁੰਢੀਆਂ ਕਰਨ ਲੱਗਦਾ ਹੈ

ਐ ਚੋਟੀਓ ..
ਮੈਨੂੰ ਤੁਹਾਡਾ
ਵੱਡੇ ਤੋਂ ਵੱਡਾ ਔਗਣ ਵੀ
ਸੱਦ ਗੁਣ ਹੀ ਜਾਪਦਾ ਹੈ
ਤੁਹਾਡੇ ਵੱਲੋਂ ਕੀਤੇ
ਅਰਬਾਂ ਦੇ ਘਪਲੇ
ਲੱਖਾਂ ਅਬਲਾਵਾਂ ਦੀ
ਬਦਖੋਈ
ਅੱਲੇ ਜਖਮਾਂ ਨੂੰ
ਵਾਰ ਵਾਰ
ਛੇੜ ਕੇ ਲੰਘਣਾ
ਜਿਵੇਂ ਕੁੱਝ
ਵਾਪਰਿਆ ਹੀ ਨਾ ਹੋਵੇ

ਉਂਝ ਮੈਂ ਓਦੋਂ
ਬੇਹੱਦ ਚੁਕੰਨਾ ਹੋ ਜਾਂਦਾ ਹਾਂ
ਜਦੋਂ ਕੋਈ
ਗਰੀਬੜੀ ਜਿਹੀ
ਮੇਰੀ ਹੀ ਕੋਈ
ਚਾਚੀ ਤਾਈ
ਰੋਡਵੇਜ ਦੀ
ਟੁੱਟੀ ਜਿਹੀ ਬੱਸ ਵਿੱਚ
ਸਫਰ ਕਰਦੀ ਹੈ
ਤੇ ਕੰਡਕਟਰ ਨੂੰ
ਆਪਣੇ ਵੱਲ ਆਉਂਦਾ ਵੇਖ
ਖੀਸੇ ਵਿਚੋਂ
ਮੈਲਾ ਜਿਹਾ ਨੋਟ ਕੱਢ
ਗੁੱਛੀ ਮੁੱਛੀ ਕਰ
ਹੱਥਾਂ 'ਚ ਲੈ ਲੈਂਦੀ ਹੈ
ਕੰਡਕਟਰ ਕੋਲੋਂ ਦੀ
ਲੰਘ ਗਿਆ ਹੈ
ਪਰ ਮਾਈ ਨੇ
ਟਿਕਟ ਨਹੀਂ ਕਟਾਈ

ਲੋਹੜਾ ਆ ਗਿਆ
ਸ਼ਰੇਆਮ ਬੇਈਮਾਨੀ
ਤੇ ਮੈਂ ਕੰਡਕਟਰ ਦੇ
ਪੈੱਨ ਟੰਗੇ ਕੰਨ ਵਿੱਚ
ਖੁਸਰ ਫੁਸਰ ਕਰਦਾ ਹਾਂ

Tuesday 19 February 2013

ਰਿਦਮ


ਉਹ ਪੁੱਛਦੇ ਰਹੇ ਕਿ ਤੇਰੀ ਕਵਿਤਾ 'ਚ
ਕਿੰਨਾ ਕੁ ਰਿਦਮ ਹੈ ਤੇ ਨਾਪ ਤੋਲ ਕਿੰਨਾ
ਮੈਂ ਬਸ ਇੱਕੋ ਗੱਲ ਤੇ ਅੜ੍ ਗਿਆ ਕਿ
ਵੇਖੋ ਮੇਰੀਆਂ ਰਗਾਂ 'ਚ ਹੈ ਬੋਲ ਕਿੰਨਾ

ਦੂਰ ਦਿਸਹੱਦੇ ਵੱਲ ਪੰਛੀਆਂ ਦੀਆਂ ਡਾਰਾਂ
ਕਾਲੀ ਮਹਿੰਦੀ ਲ੍ਕੋਈਆਂ ਚਾਂਦੀ ਦੀਆਂ ਤਾਰਾਂ
ਫਿਕਰਾਂ ਦੇ ਢਾਲੇ ਲਾਹੇ ਉਮਰਾਂ ਦੇ ਚੌਰਾਹੇ
ਵੇਖ ਲਵੋ ਯਾਰੋ ਮੈਂ ਸੀ ਅਨਭੋਲ ਕਿੰਨਾ

ਇੱਕ ਫੂਕ ਨੂੰ ਸੀ ਤਰਸੀ ਰਾਂਝੇ ਦੀ ਵੰਝਲੀ
ਬੇਲੇ ਦੇ ਰੁੱਖ ਬਣ ਗਏ ਦਰਵਾਜੇ ਸੰਦਲੀ
ਕਿੰਨਾ ਕੁ ਸੀ ਹੀਰ ਦੇ ਖੁਦ ਦੇ ਵੱਸ ਵਿੱਚ
ਤੇ ਮੱਥੇ ਦੀਆਂ ਲਕੀਰਾਂ ਦਾ ਸੀ ਰੋਲ ਕਿੰਨਾ

ਕਦੇ ਨਜ਼ਰਾਂ ਮਿਲਾਵੇ ਤੇ ਕਦੇ ਨਜ਼ਰਾਂ ਚੁਰਾਵੇ
ਕਦੇ ਬੁਲਾਇਆਂ ਨਾ ਬੋਲੇ ਕਦੇ ਗੀਤ ਸੁਣਾਵੇ
ਅੱਜ ਤੱਕ ਨਾ ਮੈਂ ਸਮਝਿਆ ਉਸਦਾ ਮਿਜਾਜ਼
ਮੈਨੂੰ ਤਾਂ ਉਹ ਲੱਗਦੈ ਸੁਭਾਅ ਦਾ ਗੋਲ ਕਿੰਨਾ

ਦਰਿਆ ਦਾ ਕੰਢਾ ਸੀ ਤੇ ਅਸਮਾਨ ਨੀਲਾ
ਝੱਖੜ ਨੇ ਕਰ ਦਿੱਤਾ ਆਲ੍ਹਣਾ ਤੀਲਾ ਤੀਲਾ
ਇਹ ਪੰਛੀ ਤਾਂ ਕਦੇ ਉੱਚਾ ਨਹੀਂ ਸੀ ਉੱਡਿਆ
ਤੇ ਹਵਾਵਾਂ ਨਾਲ ਰੱਖਦਾ ਸੀ ਮੇਲ ਜੋਲ ਕਿੰਨਾ

Friday 1 February 2013

ਪੈਰਾਂ ਤੋਂ ਪਗਡੰਡੀ ਤੱਕ



ਪਗਡੰਡੀ ਮਿਲ ਗਈ ਹੈ
ਜਾਣੋਂ ਤੇਰੀ ਉਂਗਲ ਮਿਲ ਗਈ ਹੈ


ਡਿੱਗਦਾ ਢਹਿੰਦਾ
ਉੱਠਦਾ ਬਹਿੰਦਾ
ਕਦੇ ਮੀਲ ਪੱਥਰ ਤੇ
ਇੱਕ ਪੈਰ ਧਰ ਖਲੋਂਦਾ
ਪਜਾਮੇ ਨਾਲ ਚੰਬੜੇ ਹੋਏ
ਪੁਠਕੰਡਿਆਂ ਨੂੰ ਲਾਹੁੰਦਾ
ਕਦੇ ਮੱਥੇ ਤੇ ਹੱਥ ਧਰ
ਅੱਡੀਆਂ ਚੁੱਕ ਚੁੱਕ ਵੇਖਦਾ
ਪਹੁੰਚ ਹੀ ਜਾਵਾਂਗਾ ਮੰਜਿਲ ਤੇ
ਕਿਓੰਕੇ ਮੈਨੂੰ ਪਤਾ ਹੈ ਕਿ
ਪਗਡੰਡੀ ਦਾ ਦੂਸਰਾ ਸਿਰਾ
ਮੰਜਿਲ ਦੇ ਮੱਥੇ 'ਚ ਸਮਾਇਆ ਹੋਇਐ
ਇਹ ਸਫਰ
ਮੈਨੂੰ ਕੋਈ ਔਖਾ ਨਹੀਂ ਲੱਗਿਆ

ਔਖਾ ਤਾਂ ਓਦੋਂ ਸੀ
ਜਦ ਨਾਂ ਤੇਰੀ ਉਂਗਲ ਸੀ
ਤੇ ਨਾ ਹੀ ਪਗਡੰਡੀ
ਪੁਠਕੰਡੇ ਵੀ ਨਹੀਂ ਸਨ
ਔਖਾ ਸੀ ਤਾਂ ਬਸ
ਅਨੰਤ ਖਲਾਅ ਵਰਗਾ ਉਹ
ਪੈਰਾਂ ਤੋਂ ਪਗਡੰਡੀ ਤੱਕ ਦਾ ਸਫਰ
--------------------------ਹਰਵਿੰਦਰ ਧਾਲੀਵਾਲ

Sunday 2 December 2012

ਕਿਰਤੀ ਕੁੜੀਏ



ਆਪਣੇ ਵੀਰ ਦੇ ਵਿਆਹ 'ਚ ਨਚਦੀਏ
ਕਿਰਤੀ ਕੁੜੀਏ ...
ਬੜਾ ਚੰਗਾ ਲੱਗਿਆ ਅੱਜ
ਵਰਿਆਂ ਬਾਅਦ ਤੇਰੇ ਬੁੱਲਾਂ ਤੇ
ਖੇਡਦੇ ਹਾਸੇ ਵੇਖ

ਬੇਸ਼ੱਕ ਤੇਰੇ ਸਾਂਵਲੇ ਚਿਹਰੇ ਨੂੰ
ਧਿਆਨ ਨਾਲ ਵੇਖਿਆਂ
ਅਜੇ ਵੀ ਦਿਸ ਪੈਂਦੀ ਹੈ
ਭੱਠੇ ਦੀ ਕੇਰੀ ਦੀ ਝਲਕ
ਕਿਓੰਕੇ ਪਿੰਡ ਦੀ ਹੱਟੀ ਤੋਂ ਖਰੀਦੀ
ਸਸਤੀ ਕਰੀਮ ਦੇ ਵੱਸ ਦਾ ਰੋਗ ਨਹੀਂ
ਕਿ ਉਹ ਵਰ੍ਹਿਆਂ ਦੀ ਗੁਰਬਤ ਦੀ
ਸਿਆਹੀ ਨੂੰ ਇੱਕ ਦਿਨ ਵਿੱਚ ਹੀ
ਖਤਮ ਕਰ ਦੇਵੇ

ਫੇਰ ਵੀ ਅੜੀਏ ..
ਅੱਜ ਤੈਨੂੰ ਖੁਸ਼ ਵੇਖ ਕੇ
ਮੇਰਾ ਮਨ ਸ਼ਾਂਤ ਸ਼ਾਂਤ ਹੈ

ਡੈੱਕ ਤੇ ਚਲਦੇ ਗੀਤ
ਲੱਕ ਟਵੈਂਟੀ ਏਟ
ਜਿਸ ਦੀ ਤਾਲ ਤੇ ਤੂੰ ਨੱਚੀ ਜਾ ਰਹੀ ਏਂ
ਉਸ ਗੀਤ ਦੇ ਰਚਨਹਾਰੇ ਜਿੰਨਾ
ਮੈਂ ਬੇਸ਼ਰਮ ਨਹੀਂ ਹਾਂ
ਕਿ ਤੇਰੇ ਨੱਚਦੀ ਦਾ ਲੱਕ ਮਿਣ ਲਵਾਂ
ਜਾਂ ਨਜਰਾਂ ਹੀ ਨਜਰਾਂ ਵਿੱਚ
ਤੇਰਾ ਭਾਰ ਤੋਲ ਲਵਾਂ

ਸੱਚ ਪੁੱਛੇ ਤਾਂ ਮੈਥੋਂ
ਤੇਰੇ ਹੱਥਾਂ ਦੇ ਅੱਟਣਾਂ ਤੋਂ ਲੈ ਕੇ
ਬਿਆਈਆਂ ਤੱਕ ਦੀ ਗਹਿਰਾਈ ਹੀ
ਨਹੀਂ ਮਿਣੀ ਜਾਂਦੀ

ਇਹ ਘੜੀ ਪਲ ਦਾ ਹਾਸਾ
ਇਹ ਘੜੀ ਪਲ ਦੀ ਖੁਸ਼ੀ
ਤੈਨੂੰ ਮੁਬਾਰਕ ਤਾਂ ਕਹਿ ਦੇਵਾਂ
ਪਰ ਕੀ ਕਰਾਂ ਕਿ ਮੈਨੂੰ ਪਤਾ ਹੈ
ਤੇਰੀ ਜਿੰਦਗੀ ਦੇ ਹਰ ਮੋੜ ਤੇ ਨੇ
ਦੁਸ਼ਵਾਰੀਆਂ ਹੀ ਦੁਸ਼ਵਾਰੀਆਂ

Tuesday 23 October 2012

ਚੰਨ

ਸਿਲ੍ਹੀ 'ਵਾ ~
ਡੱਡੀ ਦੀ ਟਪੂਸੀ ਨਾਲ ਟੁੱਟੀ
ਚੰਨ ਦੀ ਟਿੱਕੀ

Wednesday 11 July 2012

ਗਜ਼ਲ

ਜਿਸਨੂੰ ਜੋ ਵੀ ਚਾਹਤ ਉਸਨੂੰ  ਉਹ ਚਾਹਤ ਮਿਲੇ 
ਸਾਨੂੰ ਤਾਂ ਬਸ ਔੜ ਮਾਰੀ ਰੁੱਤੇ ਉਸਦਾ ਖਤ ਮਿਲੇ 
.........
ਚੁੱਪ ਰਹਿਣ ਤੇ ਲੋਕਾਂ ਨੇ ਹੈ  ਭੰਡਣਾ ਪਾਣੀ ਪੀ ਪੀ 
ਕੁੱਝ ਬੋਲਾਂ ਤਾਂ ਬਲਦੇ ਸ਼ਬਦਾਂ ਦੀ ਬਗਾਵਤ ਮਿਲੇ 
.........
ਸੋਫੀ ਬੰਦਾ ਕੀ ਗੱਲ ਕਰਲੂ ਪਿਆਰ ਮੁਹੱਬਤ ਵਾਲੀ 
ਬਸ ਕੌੜਾ ਪਾਣੀ ਸੰਘੋਂ ਲਾਹ ਕੇ  ਹੋ ਮਦਮਸਤ ਮਿਲੇ 
.........
ਭੱਜੀਆਂ ਬਾਹਵਾਂ ਨੇ ਤਾਂ ਆਖਰ  ਗਲ ਨੂੰ ਆਉਣਾ 
ਧਾ  ਗਲਵੱਕੜੀ  ਪਾਈ  ਹੋ  ਕੇ  ਵੱਟੋ  ਵੱਟ  ਮਿਲੇ 
..........
ਸਾੜ ਸੁੱਟਿਆ ਪਿੰਡਾ  ਹਰਵਿੰਦਰ  ਗਰਮ ਹਵਾਵਾਂ 
ਵਿੱਚ ਤੰਦੂਰ  ਵੜ  ਵੇਖੀਏ  ਸ਼ਾਇਦ ਰਾਹਤ ਮਿਲੇ ........ਹਰਵਿੰਦਰ ਧਾਲੀਵਾਲ 

Tuesday 22 May 2012

ਤਿਤਲੀ


ਪਿੰਡਾ ਲੂੰਹਦੀ ਧੁੱਪ 
ਖੰਭ ਖਿਲਾਰ ਕੇ ਬੈਠ ਗਈ 
ਫੁੱਲ ਉੱਤੇ ਤਿਤਲੀ

ਸੰਧੂਰੀ ਪੱਗ

ਐਤਵਾਰੀ ਮੱਸਿਆ 
ਚਾਣਚੱਕ ਨਜਰੀਂ ਪਈ 
ਉਸਦੀ ਸੰਧੂਰੀ ਪੱਗ

ਨਿੱਕੀ


ਵਾਵਰੋਲਿਆਂ ਦੀ ਰੁੱਤ 
ਗੁਲਾਬੀ ਫਰਾਕ ਪਾ ਨਿੱਕੀ 
ਗੋਲ ਗੋਲ ਘੁੰਮੇ

Tuesday 1 May 2012

ਸਫੇਦ ਉਡਾਰੀ



ਮੈਂ ਉਂਝ ਤਾਂ ਤੈਨੂੰ
ਭੁਲਾ ਬੈਠਾ ਹਾਂ
ਪਰ ਉਸ ਸੁਪਨੇ ਦਾ ਕੀ ਕਰਾਂ
ਜੋ ਅਠੀਂ ਦਸੀਂ ਦਿਨੀਂ ਆਉਂਦਾ ਹੈ
ਤੇ ਮੈਂ ਤੜਪ ਕੇ ਉਠਦਾ ਹਾਂ l

ਉਠਦਾ ਵੀ ਕਾਹਦਾ ..
ਟੁੱਟਦਾ ਹਾਂ ,ਕਿਰਦਾ ਹਾਂ
ਤੇ ਫੇਰ ਚਾਰ ਪੰਜ ਦਿਨ
ਇਸੇ ਤਰਾਂ ਕਿਣਕਾ ਕਿਣਕਾ ਹੋ
ਬਿਖਰਦਾ ਰਹਿੰਦਾ ਹਾਂ l

ਆਪਣੇ ਆਪ ਨੂੰ ਝੰਜੋੜ
ਫੇਰ ਤੈਨੂੰ ਨਵੇਂ ਸਿਰਿਓਂ
ਭੁੱਲਣ ਦੀ ਕੋਸ਼ਿਸ ਵਿੱਚ ਲੱਗ ਜਾਂਦਾ ਹਾਂ l

ਸੁਪਨਾ ਵੀ ਕੀ ਆਉਂਦੈ
ਉਹੀ ਬੱਸ
ਤੇਰਾ ਪਿਆਰ ਨਾਲ ਤੱਕਣਾ
ਸਰੀਰ ਨੂੰ ਇੱਕ ਪਾਸੇ ਰੱਖ
ਕਮਲ ਦੇ ਫੁੱਲ ਵਰਗੇ ਵਜੂਦ ਨੂੰ
ਮੇਰੇ ਵਿੱਚ ਸਮਾ ਲੈਣਾ l

ਤੇ ਕਦੇ
ਮੇਰੇ ਪਿਆਲੇ ਚੋਂ ਬਚਦੀ
ਚਾਹ ਦੀ ਛਿੱਟ ਨੂੰ
ਅੱਖਾਂ ਮੂੰਦ ਕੇ ਪੀਣਾ ਤੇ ਕਹਿਣਾ
ਆਹਾ !
ਕਿੰਨੀਆਂ ਸੁਆਦੀ
ਅੰਮ੍ਰਿਤ ਬੂੰਦਾਂ l

ਕਦੇ ਤੂੰ ਵੇਖ ਰਹੀ ਹੁੰਨੀ ਏਂ
ਬਲਦੇ ਸੂਰਜ ਵੱਲ
ਤੇ ਨੀਲੇ ਅੰਬਰ ਵਿੱਚ ਵਿਚਰਦੀ
ਸਫੇਦ ਉਡਾਰੀ ਨੂੰ
ਪਰ ਵਕਤ ਲੰਘ ਚੁੱਕਿਆ ਹੈ l

ਮੈਂ ਉਂਝ ਤਾਂ ਤੈਨੂੰ
ਭੁਲਾ ਬੈਠਾ ਹਾਂ
ਪਰ ਉਸ ਸੁਪਨੇ ਦਾ ਕੀ ਕਰਾਂ
ਜੋ ਅਠੀਂ ਦਸੀਂ ਦਿਨੀਂ ਆਉਂਦਾ ਹੈ
ਤੇ ਮੈਂ ਤੜਪ ਕੇ ਉਠਦਾ ਹਾਂ l.............................ਹਰਵਿੰਦਰ ਧਾਲੀਵਾਲ 

Sunday 15 April 2012

ਗਜ਼ਲ

ਮੈਨੂੰ ਨਹੀਂ ਪਤਾ ਕਿ ਕਿੱਥੇ ਹੋਈ ਹੈ ਗੜਬੜ 
ਕਿ ਮੇਰੇ ਸਾਹੀਂ ਕਿਓਂ ਵਸ ਗਈ ਹੈ ਪੱਤਝੜ 
.....................................................
ਰੁੱਤਾਂ  ਨੂੰ  ਦੋਸ਼  ਦੇਈਏ  ਕਿ ਰੁੱਖਾਂ ਨੂੰ  ਯਾਰਾ 
ਜਿਸਨੂੰ ਵੀ ਕਹਿਏ ਉਹੀ ਜਾਂਦਾ ਹੈ ਬਲ ਸੜ 
......................................................
ਮੇਰੇ ਜਿਹਨ ਵਿੱਚ ਹੁਣ ਹੋਰ ਕੁਝ ਨਹੀਂ ਉੱਗਦਾ
ਬਸ ਹਵਾਵਾਂ ਦਾ ਸ਼ੋਰ ਹੈ ਤੇ ਪੱਤਿਆਂ ਦੀ ਖੜ ਖੜ 
........................................................
ਸਕੂਨ ਦੀ ਜਗਾਹ ਲੱਗ ਗਈ ਹੈ ਅੱਚਵੀ ਜਿਹੀ 
ਤੇਰੀ ਦੁਆ ਦਾ ਲੱਗਦੈ ਹੋਇਆ ਉਲਟ ਅਸਰ 
.........................................................
ਕਦੇ ਤੇਰੇ ਦਰ ਤੇ ਵੀ ਆਵਾਂਗੇ ਬਣ ਕੇ ਸਵਾਲੀ 
ਸਾਡੇ ਮੱਥੇ ਜੋ  ਲਿਖਿਐ  ਭਟਕਣਾ ਦਰ ਬ ਦਰ 
..........................................................
ਚੁੱਪ ਚੁੱਪ ਕਿਓਂ ਰਹਿੰਦਾ ਹਰਵਿੰਦਰ ਅੱਜ ਕੱਲ 
ਆਓ ਕੱਢੀਏ ਇਸ ਗੱਲ ਦੀ ਕੋਈ ਖੋਜ ਖਬਰ
..........................o.............................

Sunday 18 March 2012

ਅੰਬੀ


ਖਟਮਿੱਠੀ ਅੰਬੀ
ਚਾਰਦਵਾਰੀਓਂ ਪਾਰ ਲੰਘ ਗਈ
ਪਚਾਕੇ ਦੀ ਅਵਾਜ਼

ਸਰਸਰਾਹਟ


ਪੈਦਲ ਸਫ਼ਰ-
ਮੁਟਿਆਰ ਦੇ ਹਾਸੇ ਨੇ ਦੱਬੀ
ਚਾਦਰੇ ਦੀ ਸਰਸਰਾਹਟ

ਸੇਵੀਆਂ


ਬੋਚ ਬੋਚ ਚੜਾਈਆਂ
ਚਮਚ ਤੇ ਸੇਵੀਆਂ
ਇੱਕ ਤਿਲਕ ਗਈ

ਦੁੱਖ ਭੰਜਨੀ

ਦੁੱਖ ਭੰਜਨੀ ਬੇਰੀ
ਡੁੱਬਦੇ ਕੀੜੇ ਲਾਗੇ ਡਿੱਗਿਆ
ਇੱਕ ਪੀਲਾ ਪੱਤਾ

Wednesday 18 January 2012

ਕਲੀਆਂ

ਮੀਂਹ ਦਾ ਚਿੱਕੜ 
ਨਿੱਖਰੀਆਂ ਨਿੱਖਰੀਆਂ 
ਗ੍ਲੈਡੀਓਲ੍ਸ ਕਲੀਆਂ



                           


ਗਜ਼ਲ

ਮੈਂ  ਵੇਖੇ ਨੇ ਜਿੰਦਗੀ ਵਿੱਚ  ਬੜੇ ਐਹੋ ਜਿਹੇ ਮੰਜ਼ਰ 
ਮੈਨੂੰ  ਵੇਖ ਕਿਓਂ  ਲੁਕੋ  ਰਿਹੈਂ ਹੱਥ  ਵਿਚਲਾ ਖੰਜਰ 


ਵੇਖੀਂ! ਕਿਤੇ ਪਿੱਠ ਤੇ ਵਾਰ ਕਰ ਗਦਾਰ ਬਣ ਜਾਵੇਂ 
ਆ ਹਿੱਕ ਤੇ ਵਾਰ ਕਰ ਲੈ ਜੇ ਅਖਵਾਉਣੈਂ ਬਹਾਦਰ 


ਚੁੱਲਿਆਂ ਦੀ ਅੱਗ ਬੁੱਝ ਗਈ ਤੇ ਸਿਵੇ ਨੇ ਬਲ ਰਹੇ 
ਤੇਰੀ ਫੂਕ ਨੇ ਹੈ ਕੀਤਾ ਕੁਝ ਇਸ ਤਰਾਂ ਦਾ ਅਸਰ 


ਉੱਡਦੀ ਬਦਲੋਟੀ ਨੂੰ  ਆਖੋ  ਕੁੱਝ ਬੂੰਦਾਂ ਸੁੱਟ ਜਾਵੇ 
ਬੜੇ ਚਿਰਾਂ ਤੋਂ  ਪਿਆਸੀ ਯਾਰੋ ਧਰਤੀ ਇਹ ਬੰਜਰ 


ਆਖਰ ਤਾਂ ਕਿਰਨ ਨੇ  ਚੀਰ  ਦੇਣੀ ਹੈ ਧੁੰਦ ਸੰਘਣੀ 
ਆਸ ਤਾਂ ਨਹੀਂ ਕਿ ਤੂੰ ਹੋਵੇਂਗਾ ਇਸ  ਗੱਲੋਂ ਬੇ ਖਬਰ 


ਗੈਰਾਂ ਸੀ ਜਦ ਪੁਛਿੱਆ ਕਿ  ਦੱਸ ਤੇਰਾ ਮੀਤ ਕਿਹੜਾ 
ਉਸ ਹੌਲੀ  ਦੇਣੇ ਕਹਿ ਦਿੱਤਾ ਧਾਲੀਵਾਲ ਹਰਵਿੰਦਰ .............ਹਰਵਿੰਦਰ ਧਾਲੀਵਾਲ 

Monday 12 December 2011

ਗ਼ਜ਼ਲ

ਸੱਚੇ  ਸੁੱਚੇ  ਪਿਆਰ  ਗੁਆਚੇ 
ਫੁੱਲਾਂ  ਵਰਗੇ  ਯਾਰ ਗੁਆਚੇ 


ਦਮ ਦੇ ਵਿੱਚ ਜੋ ਦਮ ਸੀ ਭਰਦੇ 
ਸੱਜਣ ਬੜੇ ਦਮਦਾਰ ਗੁਆਚੇ 


ਲਾਈਏ ਕਿਸ ਨੂੰ ਨਾਲ ਹਿੱਕ ਦੇ 
ਸਾਡੇ ਗਲ  ਦੇ ਹਾਰ  ਗੁਆਚੇ 


ਕਿਸ ਤੋਂ ਮੰਗੀਏ ਮਾਫੀ ਯਾਰੋ 
ਮੁਰਸ਼ਦ ਬਖਸ਼ਣਹਾਰ ਗੁਆਚੇ 


ਹਾਸਿਆਂ ਚੋਂ ਗਮ ਲਭ ਲੈਂਦੇ ਸੀ 
ਰੱਬ ਵਰਗੇ ਗਮ ਖਾਰ ਗੁਆਚੇ 


ਤੇਰੀ ਲਾਸ਼  ਨੂੰ  ਕਿਸਨੇ ਢੋਣਾ 
ਹਰਵਿੰਦਰ ਮੋਢੇ ਚਾਰ ਗੁਆਚੇ ............ਹਰਵਿੰਦਰ ਧਾਲੀਵਾਲ 

Friday 18 November 2011

ਗ਼ਜ਼ਲ

ਹਰ ਮਹਿਫਲ ਵਿੱਚ ਹਾਜਰੀਆਂ ਲਗਵਾਈ ਚੱਲ 
ਟੁੱਟੇ ਭੱਜੇ,ਵਿੰਗੇ ਟੇਢੇ,ਅੱਖਰ ਚਾਰ ਸੁਣਾਈ ਚੱਲ 


ਕਿਸੇ ਸ਼ਾਇਰ ਦੀ ਰਚਨਾ ਸੁਣਨ ਦੀ ਲੋੜ ਨਹੀਂ 
ਬਸ ਇੰਡ ਤੇ ਆਕੇ, ਤਾੜੀ ਖੂਬ  ਵਜਾਈ  ਚੱਲ 


ਖੱਟੀ ਚੱਲ ਵਾਹ ਵਾਹ, ਸ਼ੇਅਰ ਸੁਣਾ ਕੇ ਚੋਰੀ ਦੇ 
ਬੇ ਸ਼ਰ੍ਮੀ ਨਾਲ  ਬੁੱਲੀਆਂ ਵਿੱਚ ਮੁਸਕਾਈ ਚੱਲ 


ਨਜ਼ਮ, ਲੇਖ  ਵਿੱਚ  ਫਰਕ  ਜੇ ,ਤੈਨੂੰ ਲਭੇ  ਨਾ 
'ਸੋਹਣੀ ਰਚਨਾ' ਕਹਿ ਕੇ, ਡੰਗ  ਟਪਾਈ  ਚੱਲ 


ਬਣ  'ਸੰਪਾਦਕ'  ਓਨਲਾਈਨ  ਇੱਕ  ਪੇਪਰ ਦਾ 
ਕੱਚਾ ਪਿੱਲਾ ਜੋ ਵੀ ਹੋਵੇ,ਉਸਦੇ ਵਿੱਚ ਸਮਾਈ ਚੱਲ 


ਪਰਵਾਹ ਨਾ ਕਰ, ਕਿਸੇ ਨਾਢੂ ਖਾਂ ਹਰਵਿੰਦਰ ਦੀ      
ਤੂੰ,  ਤੋਰੀ  ਫੁਲਕਾ, ਚਲਦਾ ਜਿਵੇਂ,  ਚਲਾਈ  ਚੱਲ ......................ਹਰਵਿੰਦਰ ਧਾਲੀਵਾਲ 

Wednesday 16 November 2011

ਗ਼ਜ਼ਲ

ਮਾਰ ਲਿਆ ਰੁੱਸਵਾਈਆਂ  ਨੇ 
ਤੇਰੀਆਂ ਬੇ ਪਰਵਾਹੀਆਂ  ਨੇ 


ਸਾਡੀ ਝੋਲੀ ਦੇ ਵਿੱਚ ਪਈਆਂ
ਲੰਮੀਆਂ ਬਹੁਤ ਜੁਦਾਈਆਂ ਨੇ 


ਤੇਰੇ  ਨਾਂ ਦਾ ਪੱਥਰ ਗੱਡਿਆ 
ਮਿਲ ਜੁਲ ਕੇ ਸਭ ਰਾਹੀਆਂ ਨੇ 


ਰੌਨਕ ਲੈ ਗਿਓਂ ਨਾਲ ਆਪਣੇ
ਜਿੰਦ ਘੇਰ ਲਈ ਤਨਹਾਈਆਂ ਨੇ 


ਡੌਰ ਭੌਰ ਜੀਆਂ ਝਾਕੀ ਜਾਵਣ 
ਸਧਰਾਂ ਹੁਣ  ਬੁਖ੍ਲਾਈਆਂ  ਨੇ 


ਨੈਣੀਂ  ਪਾ  ਯਾਦਾਂ ਦਾ  ਕਜਲਾ 
ਘਟਾ ਕਾਲੀਆਂ ਚੜ ਆਈਆਂ ਨੇ 


ਤੇਰੇ ਕੀ  ਸੀ ਵੱਸ  ਹਰਵਿੰਦਰਾ 
ਜਦ  ਤਾਰਾਂ ਧੁਰ ਤੋਂ ਆਈਆਂ ਨੇ ..............ਹਰਵਿੰਦਰ ਧਾਲੀਵਾਲ 

Wednesday 9 November 2011

ਗ਼ਜ਼ਲ

ਸਦੀਆਂ  ਦੇ ਸੂਰਜ਼  ਯਾਰੋ ,ਅਸੀਂ ਪਿੰਡੇ ਉੱਤੇ ਸੇਕੇ ਨੇ 
ਮੈ ਸ਼ੂਕਦੇ ਦਰਿਆਵਾਂ ਦੇ ਵੀ  ,ਰੁੱਖ  ਬਦਲਦੇ ਵੇਖੇ ਨੇ  

ਘੱਟੋ  ਘੱਟ ਤੂੰ ਦਾਤੀ  ਵਾਲੇ ,ਦੰਦੇ  ਤਾਂ ਕਢਵਾ ਨਵੇਂ ,
ਚੋਰੀ ਛੁੱਪੇ ਦੁਸ਼ਮਣ ਨੇ ਤਾਂ ,ਚਾਕੂ  ਛੁਰੀਆਂ  ਰੇਤੇ ਨੇ 

ਹੁਣੇ ਹੁਣੇ ਨੇ ਬੈਠੀਆਂ ਆ ਕੇ, ਹਰੀ  ਕਚੂਰ ਡੇਕ ਉੱਤੇ 
ਬਾਜਾਂ ਦੀ ਵੀ ਬੂਥ ਲੁਆਤੀ,ਚਹੁੰ ਚਿੜੀਆਂ ਦੇ ਏਕੇ ਨੇ 

ਰੁਮ੍ਕਦੀਆਂ ਪੌਣਾਂ ਨੇ ਜਦ ,ਰੂਪ ਧਾਰਿਆ  ਝੱਖੜ ਦਾ 
ਸੰਗ ਉੱਡ ਕੇ  ਸਾਥ ਹੈ  ਦਿੱਤਾ ,ਮਾਰੂਥਲ  ਦੇ ਰੇਤੇ ਨੇ 

ਠੰਡੀਆਂ ਸ਼ੀਤ ਹਵਾਵਾਂ ਨੇ ,ਅੰਦਰ ਗਰਮ ਚੁਆਤੀ ਵੀ 
ਗਰਮ ਸੁਆਸਾਂ ਅੱਗੇ  ਠੰਡ ਨੇ ,ਗੋਡੇ  ਆਖਰ ਟੇਕੇ ਨੇ 

ਕਿਓਂ ਹਰਵਿੰਦਰ ਭੁੱਲ ਗਿਆ ਤੂੰ, ਦਸਤਕ ਦੇਣੀ ਬੂਹੇ ਤੇ 
ਸੌ ਸਾਲ ਸਾਨੂੰ  ਪਿਛੇ ਸੁੱਟ ਤਾ ,ਓਏ  ਤੇਰੇ ਮਾੜੇ ਚੇਤੇ ਨੇ ......................ਹਰਵਿੰਦਰ ਧਾਲੀਵਾਲ 

Tuesday 8 November 2011

ਗ਼ਜ਼ਲ

ਹੈ ਨਹੀਂ ਕੋਈ ਹਿਸਾਬ ਹਾਕਮ ਦੇ ,ਝੂਠਾਂ ਅਤੇ ਫਰੇਬਾਂ ਦਾ 
ਸਾਨੂੰ ਤਾਂ ਬਸ ਪਤਾ ਹੈ ਯਾਰੋ  ,ਖਾਲੀ ਹੁੰਦੀਆਂ  ਜੇਬਾਂ ਦਾ 

ਵਿੱਚ  ਬਜ਼ਾਰੀਂ  ਜੇਰਾ ਕਰ ਕੇ ,ਆਇਆ ਕੰਮ  ਤੋਂ ਮੁੜਦਾ 
ਅੱਗੇ ਲੰਘ ਗਿਆ ਮੁੱਲ  ਪੁੱਛ ਕੇ ,ਬਿੱਲੂ  ਮਜਬੀ  ਸੇਬਾਂ ਦਾ 

ਬਘਿਆੜਾਂ ਨੇ ਖਿੱਚੀ ਰਲ ਕੇ ,ਹੈ ਲਛਮਣ  ਰੇਖਾ ਵਾੜੇ ਤੇ 
ਚਿਟਿਓਂ ਕਾਲਾ ਰੰਗ ਹੋ ਗਿਆ,ਖੜੀਆਂ ਖੜੀਆਂ ਭੇਡਾਂ ਦਾ 

ਕੁਝ ਨੋਟਾਂ ਦੇ ਬਦਲੇ ਰੁਲ੍ਣੀ ,ਫੇਰ ਇਜ਼ਤ ਹੈ ਕਿਰਤੀ ਦੀ 
ਹੁਣ  ਫੇਰ ਹੋਣਗੇ  ਰਾਜੀਨਾਮੇ ,ਤੇ ਮੁਢ   ਬਝਣਾ ਝੇਡਾਂ ਦਾ 

ਮਹਿਫਲ ਚੋਂ ਉਸਦੀ  ਯਾਰੋ ,ਪੱਲੇ  ਤਾਂ  ਕੁਝ  ਪਿਆ ਨਹੀਂ 
ਯਾਦ ਹੈ  ਬਸ ਸ਼ੋਰ ਸ਼ਰਾਬਾ ,ਤੇ ਥੱਪ-ਥ੍ਪਾਉਣਾ ਮੇਜਾਂ ਦਾ 

ਨੇਤਾ ਦੀ ਗਲਵਕੜੀ  ਨੂੰ ,ਦੱਸ ਰਿਹਾ ਉਹ ਹੁੱਬ,, ਹੁੱਬ ਕੇ
ਕੀ ਭੇਤ   ਹਰਵਿੰਦਰ  ਤਾਈਂ , ਵੋਟ ਰੁੱਤ  ਦੀਆਂ ਖੇਡਾਂ ਦਾ .........................ਹਰਵਿੰਦਰ ਧਾਲੀਵਾਲ