Tuesday, 1 May 2012

ਸਫੇਦ ਉਡਾਰੀਮੈਂ ਉਂਝ ਤਾਂ ਤੈਨੂੰ
ਭੁਲਾ ਬੈਠਾ ਹਾਂ
ਪਰ ਉਸ ਸੁਪਨੇ ਦਾ ਕੀ ਕਰਾਂ
ਜੋ ਅਠੀਂ ਦਸੀਂ ਦਿਨੀਂ ਆਉਂਦਾ ਹੈ
ਤੇ ਮੈਂ ਤੜਪ ਕੇ ਉਠਦਾ ਹਾਂ l

ਉਠਦਾ ਵੀ ਕਾਹਦਾ ..
ਟੁੱਟਦਾ ਹਾਂ ,ਕਿਰਦਾ ਹਾਂ
ਤੇ ਫੇਰ ਚਾਰ ਪੰਜ ਦਿਨ
ਇਸੇ ਤਰਾਂ ਕਿਣਕਾ ਕਿਣਕਾ ਹੋ
ਬਿਖਰਦਾ ਰਹਿੰਦਾ ਹਾਂ l

ਆਪਣੇ ਆਪ ਨੂੰ ਝੰਜੋੜ
ਫੇਰ ਤੈਨੂੰ ਨਵੇਂ ਸਿਰਿਓਂ
ਭੁੱਲਣ ਦੀ ਕੋਸ਼ਿਸ ਵਿੱਚ ਲੱਗ ਜਾਂਦਾ ਹਾਂ l

ਸੁਪਨਾ ਵੀ ਕੀ ਆਉਂਦੈ
ਉਹੀ ਬੱਸ
ਤੇਰਾ ਪਿਆਰ ਨਾਲ ਤੱਕਣਾ
ਸਰੀਰ ਨੂੰ ਇੱਕ ਪਾਸੇ ਰੱਖ
ਕਮਲ ਦੇ ਫੁੱਲ ਵਰਗੇ ਵਜੂਦ ਨੂੰ
ਮੇਰੇ ਵਿੱਚ ਸਮਾ ਲੈਣਾ l

ਤੇ ਕਦੇ
ਮੇਰੇ ਪਿਆਲੇ ਚੋਂ ਬਚਦੀ
ਚਾਹ ਦੀ ਛਿੱਟ ਨੂੰ
ਅੱਖਾਂ ਮੂੰਦ ਕੇ ਪੀਣਾ ਤੇ ਕਹਿਣਾ
ਆਹਾ !
ਕਿੰਨੀਆਂ ਸੁਆਦੀ
ਅੰਮ੍ਰਿਤ ਬੂੰਦਾਂ l

ਕਦੇ ਤੂੰ ਵੇਖ ਰਹੀ ਹੁੰਨੀ ਏਂ
ਬਲਦੇ ਸੂਰਜ ਵੱਲ
ਤੇ ਨੀਲੇ ਅੰਬਰ ਵਿੱਚ ਵਿਚਰਦੀ
ਸਫੇਦ ਉਡਾਰੀ ਨੂੰ
ਪਰ ਵਕਤ ਲੰਘ ਚੁੱਕਿਆ ਹੈ l

ਮੈਂ ਉਂਝ ਤਾਂ ਤੈਨੂੰ
ਭੁਲਾ ਬੈਠਾ ਹਾਂ
ਪਰ ਉਸ ਸੁਪਨੇ ਦਾ ਕੀ ਕਰਾਂ
ਜੋ ਅਠੀਂ ਦਸੀਂ ਦਿਨੀਂ ਆਉਂਦਾ ਹੈ
ਤੇ ਮੈਂ ਤੜਪ ਕੇ ਉਠਦਾ ਹਾਂ l.............................ਹਰਵਿੰਦਰ ਧਾਲੀਵਾਲ 

2 comments:

 1. ਕਵਿਤਾ ਦੇ ਭਾਵ ਪੜ੍ਹ ਕੇ ਕੁਝ ਅਜਿਹੇ ਭਾਵ ਪੈਦਾ ਹੋਏ ਨੇ.....
  ਜ਼ਿੰਦਗੀ ਜਿਓਣ ਲਈ
  ਕਈ ਕੁਝ ਪੈਂਦਾ ਹੈ ਕਰਨਾ
  ਕਦੇ ਭੁਲਾਉਣਾ ਕਿਸੇ ਨੂੰ
  ਤੇ .....
  ਕਦੇ ਕਿਸੇ ਨੂੰ ਯਾਦ ਕਰਨਾ
  ਬੱਸ ਦੇਖਣਾ ਤਾਂ ਇਹ ਹੈ
  ਕਿ.........
  ਕਿਹੜੀ ਵਿਓਂਤੇ
  ਜ਼ਿੰਦਗੀ ਸੁਖਾਲ਼ੀ ਬੀਤੇਗੀ।
  ਹਰਦੀਪ

  ReplyDelete