Wednesday 20 February 2013

ਬੇਈਮਾਨੀ


ਆਪਣੀਆਂ
ਜੜ੍ਹਾਂ ਨੂੰ ਛੱਡ
ਅੱਜ ਬਣ ਗਿਆ ਹਾਂ
ਚੋਟੀਆਂ ਦਾ ਮੁਦੱਈ

ਐ ਚੋਟੀਓ ..
ਤੁਹਾਡੀ ਸੁੱਟੀ ਹੋਈ
ਬੁਰਕੀ ਨੂੰ ਬੋਚ
ਹਵਾ ਵਿੱਚ ਲਟਕਦਾ
ਮੈਂ ਆਪਣੇ
ਆਵਦਿਆਂ ਨੂੰ ਹੀ
ਘਿਰਣਾ ਦੀ ਨਜਰ ਨਾਲ
ਵੇਖਦਾ ਹਾਂ

ਰੀਂਗਦੀ ਹੋਈ
ਇਸ ਜਿੰਦਗੀ ਵਿੱਚ
ਉਨਾਂ ਤੋਂ ਵਿੱਥ ਬਣਾ ਕੇ
ਚਲਦਾ ਹਾਂ
ਤੇ ਆਪ ਮੁਹਾਰੇ ਹੀ
ਮੇਰਾ ਹੱਥ
ਮੇਰੀਆਂ ਮੁੱਛਾਂ ਨੂੰ
ਕੁੰਢੀਆਂ ਕਰਨ ਲੱਗਦਾ ਹੈ

ਐ ਚੋਟੀਓ ..
ਮੈਨੂੰ ਤੁਹਾਡਾ
ਵੱਡੇ ਤੋਂ ਵੱਡਾ ਔਗਣ ਵੀ
ਸੱਦ ਗੁਣ ਹੀ ਜਾਪਦਾ ਹੈ
ਤੁਹਾਡੇ ਵੱਲੋਂ ਕੀਤੇ
ਅਰਬਾਂ ਦੇ ਘਪਲੇ
ਲੱਖਾਂ ਅਬਲਾਵਾਂ ਦੀ
ਬਦਖੋਈ
ਅੱਲੇ ਜਖਮਾਂ ਨੂੰ
ਵਾਰ ਵਾਰ
ਛੇੜ ਕੇ ਲੰਘਣਾ
ਜਿਵੇਂ ਕੁੱਝ
ਵਾਪਰਿਆ ਹੀ ਨਾ ਹੋਵੇ

ਉਂਝ ਮੈਂ ਓਦੋਂ
ਬੇਹੱਦ ਚੁਕੰਨਾ ਹੋ ਜਾਂਦਾ ਹਾਂ
ਜਦੋਂ ਕੋਈ
ਗਰੀਬੜੀ ਜਿਹੀ
ਮੇਰੀ ਹੀ ਕੋਈ
ਚਾਚੀ ਤਾਈ
ਰੋਡਵੇਜ ਦੀ
ਟੁੱਟੀ ਜਿਹੀ ਬੱਸ ਵਿੱਚ
ਸਫਰ ਕਰਦੀ ਹੈ
ਤੇ ਕੰਡਕਟਰ ਨੂੰ
ਆਪਣੇ ਵੱਲ ਆਉਂਦਾ ਵੇਖ
ਖੀਸੇ ਵਿਚੋਂ
ਮੈਲਾ ਜਿਹਾ ਨੋਟ ਕੱਢ
ਗੁੱਛੀ ਮੁੱਛੀ ਕਰ
ਹੱਥਾਂ 'ਚ ਲੈ ਲੈਂਦੀ ਹੈ
ਕੰਡਕਟਰ ਕੋਲੋਂ ਦੀ
ਲੰਘ ਗਿਆ ਹੈ
ਪਰ ਮਾਈ ਨੇ
ਟਿਕਟ ਨਹੀਂ ਕਟਾਈ

ਲੋਹੜਾ ਆ ਗਿਆ
ਸ਼ਰੇਆਮ ਬੇਈਮਾਨੀ
ਤੇ ਮੈਂ ਕੰਡਕਟਰ ਦੇ
ਪੈੱਨ ਟੰਗੇ ਕੰਨ ਵਿੱਚ
ਖੁਸਰ ਫੁਸਰ ਕਰਦਾ ਹਾਂ

Tuesday 19 February 2013

ਰਿਦਮ


ਉਹ ਪੁੱਛਦੇ ਰਹੇ ਕਿ ਤੇਰੀ ਕਵਿਤਾ 'ਚ
ਕਿੰਨਾ ਕੁ ਰਿਦਮ ਹੈ ਤੇ ਨਾਪ ਤੋਲ ਕਿੰਨਾ
ਮੈਂ ਬਸ ਇੱਕੋ ਗੱਲ ਤੇ ਅੜ੍ ਗਿਆ ਕਿ
ਵੇਖੋ ਮੇਰੀਆਂ ਰਗਾਂ 'ਚ ਹੈ ਬੋਲ ਕਿੰਨਾ

ਦੂਰ ਦਿਸਹੱਦੇ ਵੱਲ ਪੰਛੀਆਂ ਦੀਆਂ ਡਾਰਾਂ
ਕਾਲੀ ਮਹਿੰਦੀ ਲ੍ਕੋਈਆਂ ਚਾਂਦੀ ਦੀਆਂ ਤਾਰਾਂ
ਫਿਕਰਾਂ ਦੇ ਢਾਲੇ ਲਾਹੇ ਉਮਰਾਂ ਦੇ ਚੌਰਾਹੇ
ਵੇਖ ਲਵੋ ਯਾਰੋ ਮੈਂ ਸੀ ਅਨਭੋਲ ਕਿੰਨਾ

ਇੱਕ ਫੂਕ ਨੂੰ ਸੀ ਤਰਸੀ ਰਾਂਝੇ ਦੀ ਵੰਝਲੀ
ਬੇਲੇ ਦੇ ਰੁੱਖ ਬਣ ਗਏ ਦਰਵਾਜੇ ਸੰਦਲੀ
ਕਿੰਨਾ ਕੁ ਸੀ ਹੀਰ ਦੇ ਖੁਦ ਦੇ ਵੱਸ ਵਿੱਚ
ਤੇ ਮੱਥੇ ਦੀਆਂ ਲਕੀਰਾਂ ਦਾ ਸੀ ਰੋਲ ਕਿੰਨਾ

ਕਦੇ ਨਜ਼ਰਾਂ ਮਿਲਾਵੇ ਤੇ ਕਦੇ ਨਜ਼ਰਾਂ ਚੁਰਾਵੇ
ਕਦੇ ਬੁਲਾਇਆਂ ਨਾ ਬੋਲੇ ਕਦੇ ਗੀਤ ਸੁਣਾਵੇ
ਅੱਜ ਤੱਕ ਨਾ ਮੈਂ ਸਮਝਿਆ ਉਸਦਾ ਮਿਜਾਜ਼
ਮੈਨੂੰ ਤਾਂ ਉਹ ਲੱਗਦੈ ਸੁਭਾਅ ਦਾ ਗੋਲ ਕਿੰਨਾ

ਦਰਿਆ ਦਾ ਕੰਢਾ ਸੀ ਤੇ ਅਸਮਾਨ ਨੀਲਾ
ਝੱਖੜ ਨੇ ਕਰ ਦਿੱਤਾ ਆਲ੍ਹਣਾ ਤੀਲਾ ਤੀਲਾ
ਇਹ ਪੰਛੀ ਤਾਂ ਕਦੇ ਉੱਚਾ ਨਹੀਂ ਸੀ ਉੱਡਿਆ
ਤੇ ਹਵਾਵਾਂ ਨਾਲ ਰੱਖਦਾ ਸੀ ਮੇਲ ਜੋਲ ਕਿੰਨਾ

Friday 1 February 2013

ਪੈਰਾਂ ਤੋਂ ਪਗਡੰਡੀ ਤੱਕ



ਪਗਡੰਡੀ ਮਿਲ ਗਈ ਹੈ
ਜਾਣੋਂ ਤੇਰੀ ਉਂਗਲ ਮਿਲ ਗਈ ਹੈ


ਡਿੱਗਦਾ ਢਹਿੰਦਾ
ਉੱਠਦਾ ਬਹਿੰਦਾ
ਕਦੇ ਮੀਲ ਪੱਥਰ ਤੇ
ਇੱਕ ਪੈਰ ਧਰ ਖਲੋਂਦਾ
ਪਜਾਮੇ ਨਾਲ ਚੰਬੜੇ ਹੋਏ
ਪੁਠਕੰਡਿਆਂ ਨੂੰ ਲਾਹੁੰਦਾ
ਕਦੇ ਮੱਥੇ ਤੇ ਹੱਥ ਧਰ
ਅੱਡੀਆਂ ਚੁੱਕ ਚੁੱਕ ਵੇਖਦਾ
ਪਹੁੰਚ ਹੀ ਜਾਵਾਂਗਾ ਮੰਜਿਲ ਤੇ
ਕਿਓੰਕੇ ਮੈਨੂੰ ਪਤਾ ਹੈ ਕਿ
ਪਗਡੰਡੀ ਦਾ ਦੂਸਰਾ ਸਿਰਾ
ਮੰਜਿਲ ਦੇ ਮੱਥੇ 'ਚ ਸਮਾਇਆ ਹੋਇਐ
ਇਹ ਸਫਰ
ਮੈਨੂੰ ਕੋਈ ਔਖਾ ਨਹੀਂ ਲੱਗਿਆ

ਔਖਾ ਤਾਂ ਓਦੋਂ ਸੀ
ਜਦ ਨਾਂ ਤੇਰੀ ਉਂਗਲ ਸੀ
ਤੇ ਨਾ ਹੀ ਪਗਡੰਡੀ
ਪੁਠਕੰਡੇ ਵੀ ਨਹੀਂ ਸਨ
ਔਖਾ ਸੀ ਤਾਂ ਬਸ
ਅਨੰਤ ਖਲਾਅ ਵਰਗਾ ਉਹ
ਪੈਰਾਂ ਤੋਂ ਪਗਡੰਡੀ ਤੱਕ ਦਾ ਸਫਰ
--------------------------ਹਰਵਿੰਦਰ ਧਾਲੀਵਾਲ