Saturday 20 August 2011

ਗ਼ਜ਼ਲ

ਮੋਤ ਨਾਲੋਂ ਵੀ ਭੈੜਾ ਹੁੰਦਾ ,ਦਰਦ ਜੁਦਾਈਆਂ ਦਾ ,
ਕੀ ਪੁਛਦੇ ਹੋ ਸਾਡਾ ਮੰਦਾ ,ਹਾਲ ਸੁਦਾਈਆਂ ਦਾ .

ਥਾਨੇਦਾਰ ਦੀ ਮੁੱਠੀ ਪਹਿਲਾਂ,ਕਰ ਦਿਓ ਗਰਮ ਤੁਸੀਂ,
ਡਰ ਨਈ ਰਹਿੰਦਾ ਫੇਰ, ਚੋੱਕ ਵਿਚ ਖੜੇ ਸਿਪਾਹੀਆਂ ਦਾ.

ਸਰਕਾਰੀ ਨੋਕਰ ਹਾਂ ਜੀ ,ਪੇਮੇਂਟ ਗੋਰ੍ਮੇੰਟ ਨੇ ਕਰਨੀ ,
ਡੂਹਡਾ ਬਿਲ ਬਣਾਓ ਮਾਲਕੋ ,ਇੰਨਾ ਦਵਾਈਆਂ ਦਾ.

ਜੇ ਤੂੰ ਹੀ ਖਾਹਿਸ਼ ਰੱਖੀ,  ਦਿਲ ਵਿਚ ਰੁੱਤ ਬਸੰਤੀ ਦੀ ,
ਕਰੂ ਸਵਾਗਤ ਫੇਰ ਕੋਣ ਦੱਸ ,ਰੁੱਤਾਂ ਅਣਚਾਹੀਆਂ ਦਾ.

ਮਸਤੀ ਦੇ ਵਿਚ ਰਹਿਣਾ ਸਿਖ ਲੈ ,ਤੂੰ ਹਰਵਿੰਦਰ ਸਿੰਘਾ ,
ਨੋਟਿਸ ਲੈਣਾ ਛਡ ਪਰਾਂ, ਹੁਣ ਬੇ-ਵਫਾਈਆਂ ਦਾ.

Friday 12 August 2011

ਗੀਤ-ਕੁਝ ਤਾਂ ਬੋਲ ਮਹਿਰਮਾ ਵੇ

ਜੇਠ ਹਾੜ ਦੀਆਂ ਧੁਪਾਂ ,ਛਤਰੀ ਖੋਲ ਮਹਿਰਮਾ ਵੇ ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਕਰਜਾ ਲੈ ਕੇ ਸੰਦ  ਬਨਾਏ , ਧੰਦਾ  ਵਾਹੀ  ਦਾ ,
ਮੈਨੂ ਪਤਾ ਨਈ ਮੁੜਿਆ ਹੋਣਾ,ਵਿਆਜ ਛਿਮਾਹੀ ਦਾ,
ਅੰਨਦਾਤੇ ਦੀ ਜੇਬ ਹੈ ਖਾਲੀ, ਪੈਂਦੇ ਹ਼ੋਲ ਮਹਿਰਮਾ ਵੇ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਮਾਂ ਮੰਜੇ ਵਿਚ ਪਈ ਚੂਕਦੀ,ਮੰਦਾ ਹਾਲ ਵਿਚਾਰੀ ਦਾ,
ਪੈਸਿਆਂ ਬਾਝੋਂ ਇਲਾਜ ਨੀ ਹੋਇਆ ,ਮਮਤਾ ਮਾਰੀ ਦਾ ,
ਬੇਬੱਸ ਹੋਏ ਬੈਠੇ ਰਹੀਏ,ਓਦੇ ਕੋਲ ਮਹਿਰਮਾ ਵੇ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਵਧਦੀ ਨੂੰ ਕੀ ਚਿਰ ਲਗਦਾ ਏ ,ਧੀ  ਧਿਆਣੀ  ਨੂੰ ,
ਕਿੰਨਾ ਚਿਰ ਘਰ ਹੋਰ ਰਖਾਂਗੇ,  ਲਾਡੋ  ਰਾਣੀ  ਨੂੰ ,
ਬਾਬਤ ਓਦੀ,ਸੋਨੇ ਵਰਗਾ ,ਵਰ ਟੋਲ ਮਹਿਰਮਾ ਵੇ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਖੁਦਕਸ਼ੀਆਂ ਦੀਆਂ ਖਬਰਾਂ ਪੜਕੇ ,ਮਨ ਨੂੰ ਚੈਨ ਨਾ ਆਵੇ ,
ਹਰਵਿੰਦਰ ਜੱਟ ਦੀ ਜੂਨ ਬੁਰੀ, ਰੱਬ ਇਹ ਜੂਨ ਨਾ ਪਾਵੇ,
ਦਿਲ ਦੇ ਦੁਖ ਸੁਖ ਮੇਰੇ ਕੋਲੇ ,ਅੱਜ ਤੂੰ  ਫੋਲ ਮਹਿਰਮਾ ਵੇ ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -.............ਹਰਵਿੰਦਰ ਧਾਲੀਵਾਲ

Tuesday 9 August 2011

ਗ਼ਜ਼ਲ -ਸਮਰਪਿਤ ਪਰਮ ਸੰਤ ਬਾਬਾ ਰਾਮ ਸਿੰਘ ਜੀ

 ਆਪਣੇ ਦੁੱਖ ਲਈ ਰੋਣਾ ਯਾਰੋ ,ਇਹ ਕਿਥੋ ਦੀ ਸਿਆਣਪ ਹੈ ,
 ਦੁੱਖ ਪਰਾਏ ਰੋਈਏ ਜੇਕਰ ,ਬਣ ਜਾਏ ਫੇਰ ਇਬਾਦਤ ਹੈ .

ਤੈ ਕੀ ਦਰਦ ਨਾ ਆਇਆ ਰੱਬਾ ,ਦੁਨੀਆ ਪਈ ਕੁਰਲਾਵੇ ,
ਆਓ ਓਹਨੂ ਨਿਹੋਰੇ ਦੇਈਏ, ਉਹ ਦੁਨੀਆ ਦਾ ਮਾਲਿਕ ਹੈ .

ਇਕੋ ਦਰ ਦਾ ਮੰਗਤਾ ਬਣ ਜਾ ,ਪੈ ਜਾਊ ਤੈਨੂ ਖੈਰ ਕਦੇ ,
ਦੋ ਬੇੜੀਆਂ ਵਿਚ ਪੈਰ ਨਾ ਧਰੀਏ, ਸਿਆਨਿਆ ਦੀ ਕਹਾਵਤ ਹੈ .

ਸੇਵਾਦਾਰੋ ਵੇ ਸਰਦਾਰੋ , ਅੱਜ ਮੈ ਤੱਤੜੀ ਨੂੰ ਰੋਕਿਓ ਨਾ ,
ਰੱਜ ਰੱਜ ਉਸਦੇ ਦਰਸ਼ਨ ਕਰਲਾਂ ,ਮੇਰੇ ਦਿਲ ਦੀ ਚਾਹਤ ਹੈ .

ਉਹ ਤਾਂ ਰਹਿਮਤ ਯਾਰ ਓਹਦੇ ਦੀ ,ਗਲ ਨਾਲ ਲਾਈ ਬੈਠਾ ਹੈ .
ਹਰਵਿੰਦਰ ਐਵੇਂ ਸ਼ੱਕਾਂ ਕਰਦੈ, ਉਹ ਕਿਧਰ੍ਲਾ ਆਸ਼ਕ ਹੈ ..................ਹਰਵਿੰਦਰ ਧਾਲੀਵਾਲ .

Wednesday 3 August 2011

ਗ਼ਜ਼ਲ

 ਖਬਰਦਾਰ ਹੋਸਿਆਰ ਅਗੇ ਆਪਣਿਆ ਦੀ ਬਸਤੀ ਏ ,
  ਆਪਣਿਆ ਤੋ ਬਚ ਜਾਵੀਂ ,ਗੈਰਾਂ ਦੀ ਕੀ ਹਸਤੀ ਏ .

ਦਸਾਂ ਨੋਹਾਂ ਦੀ ਕਿਰਤ ਛੱਡ ਕੇ ਹੋ ਜਾ ਠੱਗੀਆਂ ਮਾਰਨ ਤੇ ,
ਜੇ ਤੂੰ ਸਜਣਾ ਦੁਨੀਆ ਉਤੇ, ਚਾਹੁਨਾ ਸੋਹਰਤ ਸਸਤੀ ਏ .

ਮਾੜੇ ਬੰਦੇ ਦੀ ਇਕੋ ਘੁਰਕੀ ,ਫੂਕ ਅਸਾਂ ਦੀ ਕਢ ਦਿੱਤੀ ,
ਮਰ ਜਾਣਾ ਮੈ ਤੇਰੇ ਨਾਂ ਦੀ ,ਜੇਬ ਚ ਪਾ ਕੇ ਪਰਚੀ ਏ,

ਇਕ ਦੂਜੇ ਦੀ ਖੁਸ਼ੀ ਵੇਖ ਕੇ,ਲੋਕੀ ਸੜ-ਬਲ  ਜਾਂਦੇ ਨੇ ,
ਘੋਰ ਸਵਾਰਥ ਪਾਲੀ ਬੈਠੀ, ਤਾਹਿਓਂ ਦੁਨੀਆ ਗਰਕੀ ਏ .

ਚੋਰ ਅਖ ਨਾਲ ਵੇਖੇ ਉਹ ਹੁਸਨ ਦੀਆਂ ਸਰਕਾਰਾਂ ਨੂੰ ,
ਉਪਰੋਂ ਭੋਲਾ ਭਾਲਾ ਬਣਦਾ,ਵਿਚੋਂ ਪੂਰਾ ਠਰਕੀ ਏ ,

ਫੋਨ ਹਰਵਿੰਦਰ ਚੁਕਦਾ ਨਾਂਹੀ ,ਤੇ ਨਾ ਹੀ  ਉਹ ਹਰਕਾਰਾ ,
ਦਰਦੇ-ਦਿਲ ਰੁੱਕੇ ਵਿਚ ਲਿਖ ਕੇ ,ਜਿਦੇ ਹਥ ਭੇਜਿਆ ਦਸਤੀ ਏ ........ਹਰਵਿੰਦਰ ਧਾਲੀਵਾਲ .

Monday 1 August 2011

ਗੀਤ -ਬਾਬਿਆਂ ਨਾ ਤਾਸ਼ ਖੇਡ ਕੇ .

ਕੁੜੀ- ਸੰਗ ਦਸਦੀ ਨੂੰ ਲੱਗੇ ਆਖਾਂ ਕੀ ਵੇ ,
         ਮੇਰਾ ਲੱਗੇ ਨਾ ਕੱਲੀ ਦਾ ਘਰੇ ਜੀਅ ਵੇ ,
         ਉਤੋਂ ਮਾਂ ਤੇਰੀ ਬੈਠ ਜਾਂਦੀ ਲੜ ਕੇ ਵੇ -
          ਅਧੀ ਰਾਤੀਂ ਘਰ ਆਵੇਂ ਤੂੰ ....
         ਮੈਨੂ ਉਠਣਾ ਪੈਂਦਾ ਏ ਵਡੇ ਤੜਕੇ ਵੇ ...

ਮੁੰਡਾ- ਸਿਰੋੰ ਲਾਹ ਕੇ ਮੜਾਸਾ ਕੇ ਦੇਈਦੇ ਕਛ ਚ ,
         ਜਾ  ਬੈਠੀਦਾ ਏ ਆਥਣੇ  ਜੇ  ਸਥ  ਚ ,
         ਫੇਰ ਰਹਿੰਦਾ ਨਾ ਯਾਦ ਘਰ ਬਲੀਏ ਨੀ ,
         ਬਾਬਿਆਂ ਨਾ ਤਾਸ਼ ਖੇਡ ਕੇ ......
         ਹੋ ਜਾਂਦਾ ਏ ਮਗਜ਼ ਤਰ ਬਲੀਏ ਨੀ ....

ਕੁੜੀ- ਵੇ ਮੈਂ ਉਠ ਕੇ ਸਵੇਰੇ ਦੁਧ ਰਿੜਕਾਂ,
         ਕੰਮ ਕਰਦੀ ਨੂੰ ਤੇਰੀਆਂ ਹੀ ਬਿੜਕਾਂ ,
         ਫੇਰ ਬੈਠ ਜਾਂਦੀ ਕਾਲਜੇ ਨੂੰ ਫੜ ਕੇ ਵੇ ..
         ਅਧੀ ਰਾਤੀਂ ਘਰ ਆਵੇਂ ਤੂੰ ....
         ਮੈਨੂ ਉਠਣਾ ਪੈਂਦਾ ਏ ਵਡੇ ਤੜਕੇ ਵੇ ...

ਮੁੰਡਾ- ਖਾਕੇ ਹਾਜਰੀ ਖੇਤਾਂ ਨੂੰ ਜਾਈਏ ਭੱਜ ਨੀ ,
         ਸਾਡਾ ਖੇਤਾਂ ਵਿਚ ਵਸਦਾ ਏ ਰੱਬ ਨੀ ,
         ਘਰ ਬੈਠ ਕੇ ਜਾਣਾ ਨੀ ਸਰ ਬਲੀਏ ਨੀ ,
         ਬਾਬਿਆਂ ਨਾ ਤਾਸ਼ ਖੇਡ ਕੇ ......
         ਹੋ ਜਾਂਦਾ ਏ ਮਗਜ਼ ਤਰ ਬਲੀਏ ਨੀ ....

ਕੁੜੀ-  ਮੇਰਾ ਤੱਤੜੀ ਦਾ ਜੀਅ ਪ੍ਰਚਾਉਗਾ ,
         ਵੇ ਜਦੋਂ ਨਿੱਕਾ ਜਿਹਾ ਜੀਅ ਘਰ ਆਉਗਾ ,
         ਮੇਰੀ ਕੁਖ ਵਿਚ ਗੰਢ ਜੇਹੀ ਰੜਕੇ ਵੇ ,  
         ਅਧੀ ਰਾਤੀਂ ਘਰ ਆਵੇਂ ਤੂੰ ....
        
          ਮੈਨੂ ਉਠਣਾ ਪੈਂਦਾ ਏ ਵਡੇ ਤੜਕੇ ਵੇ ...

ਮੁੰਡਾ-  ਹਰਵਿੰਦਰ ਨਾ ਹੋਊ ਤੇਥੋਂ ਵਖ ਨੀ ,
          ਮੈਨੂ ਛੇਤੀ ਛੇਤੀ ਹਿਸਾਬ ਲਾਕੇ ਦੱਸ ਨੀ ,
         ਕਦੋਂ ਹੋਊਗਾ ਕਿਲਾ ਸ੍ਰ੍ਰ ਬਲੀਏ ਨੀ ,
         ਬਾਬਿਆਂ ਨਾ ਤਾਸ਼ ਖੇਡ ਕੇ ......
        ਹੋ ਜਾਂਦਾ ਏ ਮਗਜ਼ ਤਰ ਬਲੀਏ ਨੀ ..................ਹਰਵਿੰਦਰ ਧਾਲੀਵਾਲ

ਗ਼ਜ਼ਲ

ਮਾੜੇ ਬੋਲ ਬੇਗਾਨਿਆ ਦੇ ,ਦਿਲ ਅਸਾਂ ਦਾ ਸਹ ਜਾਂਦੈ.
ਅਪਣਿਆ ਦਾ ਚੁਪ ਰਹਿਣਾ ਵੀ ,ਛੁਰੀਆਂ ਵਾਂਗੂ ਲਿਹ ਜਾਂਦੈ.

ਸਤਕਾਰ ਕਿਸੇ ਦਾ ਰੱਬ ਦੇ ਵਾਂਗੂ ,ਜੇਕਰ ਕਰ ਲਈਏ,
ਭੁਲ ਤਹਜੀਬਾ,ਬੰਦਾ ਖੁਦ ਨੂੰ ,ਰੱਬ ਸਮਝ ਕੇ ਬਿਹ ਜਾਂਦੈ.

ਸੱਚੇ ਦਾ ਅਪਮਾਨ ਕਰੋ ਤੇ ,ਮਾੜੇ ਦਾ ਗੁਣਗਾਨ ਕਰੋ ,
ਜੀਹਦੇ ਕੋਲੇ ਇਹ ਗੁਣ ਨੇ ਉਹੀ ਬਾਜ਼ੀ ਲੈ ਜਾਂਦੈ.


ਅਜਬ ਹੀ ਗੋਰਖ ਧੰਦਾ ਹੈ ਇਹ ਬਾਜ਼ੀ ਇਸ਼ਕੇ ਦੀ ,
ਜਰਬ ਤ੍ਕ੍ਸ਼ੀਮਾ ਕਰ ਵੇਖਿਆ ਪੱਲੇ ਕੁਝ ਨਾ ਰਿਹ ਜਾਂਦੈ.

ਮਾੜਾ ਬੰਦਾ ਗੁੱਸਾ ਨੱਕ ਤੇ, ਸਦਾ ਟਿਕਾਈ ਰੱਖਦਾ ਏ ,
ਬਚ ਜਾਈ ਹਰਵਿੰਦਰ ਕੋਲੋ ,ਛੇਤੀ ਗਲ ਨੂੰ ਪੈ ਜਾਂਦੈ............ਹਰਵਿੰਦਰ ਧਾਲੀਵਾਲ


ਗ਼ਜ਼ਲ

ਦੁੱਖ  ਦਸੀਏ  ਕੀਕਣ  ਹੋਰਾਂ   ਨੂੰ ,
ਕਿਵੇ ਗਲ ਨਾਲ ਲਾਈਏ ਥੋਹਰਾਂ ਨੂੰ ,

ਕਦੇ ਸਾਡੇ ਵਿਹੜੇ ਵੀ ਆਵਣ,
ਕੋਈ ਆਖੋ ਜਾ ਗੁਲਮੋਹਰਾਂ ਨੂੰ .

ਝਾਉਲਾ ਜਿਹਾ ਪੈਂਦਾ  ਸੱਜਣਾ ਦਾ ,
ਅਸੀਂ ਦੂਰੋ ਪਛਾਨੀਏ ਤੋਰਾਂ ਨੂੰ .

ਉਹ ਮਿਲ ਕੇ ਮੈਚ ਨੂ ਖੇਡ ਗਏ,
ਅਸੀਂ ਗਿਣਦੇ ਰਹੇ ਸਕੋਰਾਂ ਨੂੰ .

ਜਿੱਤਾਂ ਤੇ ਹਾਰਾਂ ਭਾਰੂ ਨੇ ,
ਦੱਸ ਕਿੰਝ ਅਜਮਾਈਏ ਜੋਰਾਂ ਨੂੰ ,

ਹੱਕ ਦੇਈਏ ਜਿੰਦਗੀ ਦਾ ਕਿਸ ਨੂੰ
ਹਰਵਿੰਦਰ ਨੂੰ ਜਾਂ ਹੋਰਾਂ ਨੂੰ .............................ਹਰਵਿੰਦਰ ਧਾਲੀਵਾਲ