Thursday 3 November 2011

ਗ਼ਜ਼ਲ

ਆਓ ਸਾਰੇ ਸੁਪਨਾ ਹੋ  ਗਏ , ਸੁੱਖਾਂ  ਦੀ  ਗੱਲ  ਕਰੀਏ 
ਡੈਣ ਵਾਂਗਰਾਂ ਝਪਟਣ  ਵਾਲੇ, ਦੁੱਖਾਂ ਦੀ  ਗੱਲ  ਕਰੀਏ 

ਪਾਉਣ ਵਲੇਟੇ ਇੱਕ ਦੂਜੀ ਨੂੰ,ਆਂਦਰਾਂ ਉਸਦੀਆਂ ਖਾਲੀ 
ਕੁਰਬਲ ਕੁਰਬਲ ਕਰ ਰਹੀਆਂ, ਭੁੱਖਾਂ ਦੀ ਗੱਲ ਕਰੀਏ

ਜਨਤਾ ਤਾਂ ਹੈ ਗਊ  ਵਿਚਾਰੀ ,ਜਨਤਾ  ਨੇ ਕੀ ਕਹਿਣਾ 
ਲੀਡਰ,ਕਲਮਾਂ ਰਲ  ਬੈਠ ਕੇ, ਲੁੱਟਾਂ ਦੀ  ਗੱਲ  ਕਰੀਏ 

ਹਰੇ ਭਰੇ  ਸੀ  ਕਿਸੇ  ਸਮੇ  ਜੋ , ਗੂੜੀਆਂ  ਛਾਵਾਂ  ਦਿੰਦੇ 
ਮਹਿਲਾਂ ਦੇ ਦਰਵਾਜੇ  ਬਣ ਗਏ, ਰੁੱਖਾਂ ਦੀ ਗੱਲ ਕਰੀਏ 

ਵਰਿਆਂ ਦੀ ਗਿਣਤੀ ਵਿਚੋਂ ,ਨਹੀਂ ਲਭਣੇ 'ਅਧ' ਗੁਆਚੇ 
ਅੱਜ ਬੈਠੋ  ਮੇਰੇ ਕੋਲ  ਸਾਰੀਆਂ, ਰੁੱਤਾਂ ਦੀ ਗੱਲ ਕਰੀਏ 

ਦੁਧ  ਮਲਾਈਆਂ ਵਰਗੇ  ਚੇਹਰੇ, ਵੇਖੇ  ਬੜੇ ਹਰਵਿੰਦਰ 
ਆ, ਝੁਰ੍ੜੇ, ਘੋਰ ਉਦਾਸੇ  ਹੋਏ , ਮੁੱਖਾਂ ਦੀ  ਗੱਲ ਕਰੀਏ .....................ਹਰਵਿੰਦਰ ਧਾਲੀਵਾਲ 

2 comments:

  1. ਹਰਵਿੰਦਰ ਵੀਰ,
    ਲਿਖਣ ਦਾ ਬਹੁਤ ਹੀ ਸੋਹਣਾ ਅੰਦਾਜ਼ ਹੈ....ਗੱਲ 'ਤੇ ਬਹੁਤ ਸੋਹਣੀ ਪਕੜ ਹੈ।
    ਸੱਚੀਂ ਭੁੱਖ ਤੇ ਗਰੀਬੀ ਕੁਰਬਲ਼-ਕੁਰਬਲ਼ ਕਰਦੀ ਫਿਰਦੀ ਹੈ...ਕੋਈ ਏਸ ਦੀ ਸਾਰ ਨਹੀਂ ਲੈਂਦਾ..ਹਰ ਇੱਕ ਨੂੰ ਆਵਦੀ ਜੇਬ ਭਰਨ ਦੀ ਕਾਹਲ਼ ਹੈ।
    ਸੁੱਖ ਕਿਸ ਚਿੜੀ ਦਾ ਨਾਂ ਹੈ....ਭਾਗਾਂ ਵਾਲਿਆਂ ਨੂੰ ਹੀ ਦਿੱਖਦੀ ਹੈ....ਨਹੀਂ ਤਾਂ ਇਹ ਸੁੱਖ -ਚਿੜੀ ਸੁਪਨਿਆਂ 'ਚ ਵੀ ਨਹੀਂ ਮਿਲਦੀ ।

    ਹਰਦੀਪ

    ReplyDelete
  2. ਭੈਣ ਹਰਦੀਪ ,
    ਜੇ ਵੇਖਣ ਵਾਲੀ ਅੱਖ ਨਾ ਹੋਵੇ ਤਾਂ ਲਿਖਤ ਕੁਝ ਵੀ ਮਾਇਨੇ ਨਹੀਂ ਰੱਖਦੀ ...!!
    ਆਪਣੇ ਵੀਰ ਦੀ ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ ਭੈਣ ......!!!

    ReplyDelete