Tuesday 11 October 2011

ਬਚਪਨ

ਸੱਜਣ ਜੀ ,
ਜੇ ਆਏ ਹੋ 
ਕੁਝ ਮੋੜਨ ਮੈਨੂੰ 
ਤਾਂ ਮੇਰਾ ਬਚਪਨ ਮੋੜ ਦਿਓ ...
.........                                            

ਛੋਟੇ ਹੁੰਦਿਆਂ
ਉਹ ਕੱਠੇ ਖੇਡਣਾ !
ਤੇ ਨਾਲੇ 
ਝਾਟਮਝੀਟੇ ਹੋਣਾ ,
ਤੇ ਫਿਰ 
ਕੁੱਟ ਖਾਣੀ ਬੇਬੇ ਤੋਂ !!
ਸੱਜਣ ਜੀ .........ਮੇਰੇ ਹਾਸੇ ਕਿਧਰ ਗਏ ..?
..................

ਤੂਤਾਂ ਦੇ ਛਾਵੀਂ ਬਹਿ,
ਮਿੱਟੀ ਦਾ ਘਰ ਬਣਾਉਣਾ -
ਤੇ ਫਿਰ ਢਾਹ ਵੀ ਦੇਣਾ !
ਝੁੱਗੇ ਫੜ ਫੜ ,
ਰੇਲਾਂ ਦੀ ਛੁੱਕ ਛੁੱਕ ,
ਪਹਾੜੀ ਅੱਕ ਦੇ ਡੰਡੇ ਨਾਲ 
ਟਾਇਰ ਭਜਾਉਂਦੇ ਭਜਾਉਂਦੇ -
ਢਿਲਕਦੇ ਕਛ੍ਚ੍ਹੇ ਨੂੰ ,
ਇੱਕ ਹੱਥ ਨਾਲ ਉਤਾਂਹ ਚੁੱਕਣਾ !!
ਸੱਜਣ ਜੀ ..........ਉਹ ਵੇਲਾ ਮੋੜ ਲਿਆਉਣਾ...
.................

ਸਕੂਲੋਂ ,
ਮਾਸਟਰਾਂ ਤੋਂ ਪੈਂਦੀ ਕੁੱਟ .....
ਸਚ੍ਚ, ਇੱਕ ਗੱਲ ਦੱਸਾਂ !
ਜੇ ਕਦੇ ,
ਤੇਰੇ ਕੁੱਟ ਪੈਂਦੀ ਸੀ ,
ਤਾਂ ਪੀੜ ਮੈਨੂੰ ਹੁੰਦੀ ਸੀ !!
ਉਦੋਂ ......
ਮੇਰਾ ਜੀਅ ਕਰਦਾ ,
ਮਾਸਟਰ ਜੀ ਨੂੰ ,
ਧੱਕਾ ਮਾਰਕੇ ,
ਸਕੂਲੋਂ ਭੱਜ ਜਾਵਾਂ ...!!
ਜੇ ਕਿਸੇ ਦਿਨ ,
ਤੂੰ ਸਕੂਲ ਨਾ ਆਉਣਾ ,
ਤਾਂ ਮੈ ,
ਬਸ ਤੇਰੀ ਰਾਹ ਤੱਕਦੇ ਰਹਿਣਾ !!
ਸੱਜਣ ਜੀ .....ਕਿੰਨਾ ਸੁਆਦ ਹੁੰਦਾ ਸੀ !!
ਉਸ ਉਡੀਕ  ਵਿੱਚ !!!
.....................

ਉਹ ਪੰਜੀ ਦਸੀ ਦੇ ਗੋਲੇ ,
ਉਹ ਮਲਾਏ ਕੀ ਬਰਫ ,
ਤੇ ਉਹ ਇਮਲੀ -
ਜੋ ਤੂੰ ,
ਮੈਥੋਂ ਵੀ ਖੋਹ ਕੇ ਖਾ ਜਾਂਦਾ ਸੀ ......!
ਸ਼ਾਮ ਨੂੰ ,
ਦਾਈ ਦੁਕੜੇ ਖੇਡਦਿਆਂ ,
ਹਨੇਰੇ ਹੋਏ ਘਰ ਵੜਨਾ,
ਰੋਟੀ ਤੋਂ ਪਹਿਲਾਂ, 
ਮਾਂ ਦੀਆਂ ਗਾਲਾਂ ਦਾ ਪ੍ਰਸ਼ਾਦ !!
ਬਿਨਾ ਨਹਾਤੇ ,ਜੁੱਲਾਂ ਵਿਚ ...
ਪਤਾ ਨਹੀਂ ਕਦੋਂ ,
ਸਵੇਰ ਹੋ ਜਾਂਦੀ ਸੀ ,
ਮਾਂ ਦੇ ਝੰਜੋੜ ਕੇ ਉਠਾਉਣ ਨਾਲ ......
ਹੁੰਦੀ ਸੀ ਸੁਰੂਆਤ ,
ਦਿਨ ਦੀ !
ਨਿਘਾ ਪਾਣੀ ,
ਮਾਂ ਦੇ ਹੱਥਾਂ ਦੀ ਪੋਲੀ ਪੋਲੀ ਛੋਹ ,
ਖੁੱਲ ਜਾਂਦੀਆਂ ਸੀ ਅੱਖਾਂ !
.................

ਨਾ ਉਹ ਬਚਪਨ ਰਿਹਾ ,
ਨਾ ਮਾਂ ,
ਤੇ ਨਾ ਤੁਸੀਂ ,
ਸੱਜਣ ਜੀ ........
ਕਾਸ਼ ! ਕਿਤੇ ਉਹ  ਬੀਤੇ ਵੇਲੇ ਮੁੜ ਆਉਣ !!..............ਹਰਵਿੰਦਰ ਧਾਲੀਵਾਲ 



1 comment:

  1. ਨਾ ਉਹ ਬਚਪਨ ਰਿਹਾ ,
    ਨਾ ਮਾਂ ,
    ਤੇ ਨਾ ਤੁਸੀਂ ,
    ਸੱਜਣ ਜੀ ........
    ਕਾਸ਼ ! ਕਿਤੇ ਉਹ ਬੀਤੇ ਵੇਲੇ ਮੁੜ ਆਉਣ ......frndz mainu sajan ji di bhal aa kise nu mil jaan ta das dio mai b milana chaha ga ona naal .nice and sweet post veer

    ReplyDelete