Friday 12 August 2011

ਗੀਤ-ਕੁਝ ਤਾਂ ਬੋਲ ਮਹਿਰਮਾ ਵੇ

ਜੇਠ ਹਾੜ ਦੀਆਂ ਧੁਪਾਂ ,ਛਤਰੀ ਖੋਲ ਮਹਿਰਮਾ ਵੇ ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਕਰਜਾ ਲੈ ਕੇ ਸੰਦ  ਬਨਾਏ , ਧੰਦਾ  ਵਾਹੀ  ਦਾ ,
ਮੈਨੂ ਪਤਾ ਨਈ ਮੁੜਿਆ ਹੋਣਾ,ਵਿਆਜ ਛਿਮਾਹੀ ਦਾ,
ਅੰਨਦਾਤੇ ਦੀ ਜੇਬ ਹੈ ਖਾਲੀ, ਪੈਂਦੇ ਹ਼ੋਲ ਮਹਿਰਮਾ ਵੇ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਮਾਂ ਮੰਜੇ ਵਿਚ ਪਈ ਚੂਕਦੀ,ਮੰਦਾ ਹਾਲ ਵਿਚਾਰੀ ਦਾ,
ਪੈਸਿਆਂ ਬਾਝੋਂ ਇਲਾਜ ਨੀ ਹੋਇਆ ,ਮਮਤਾ ਮਾਰੀ ਦਾ ,
ਬੇਬੱਸ ਹੋਏ ਬੈਠੇ ਰਹੀਏ,ਓਦੇ ਕੋਲ ਮਹਿਰਮਾ ਵੇ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਵਧਦੀ ਨੂੰ ਕੀ ਚਿਰ ਲਗਦਾ ਏ ,ਧੀ  ਧਿਆਣੀ  ਨੂੰ ,
ਕਿੰਨਾ ਚਿਰ ਘਰ ਹੋਰ ਰਖਾਂਗੇ,  ਲਾਡੋ  ਰਾਣੀ  ਨੂੰ ,
ਬਾਬਤ ਓਦੀ,ਸੋਨੇ ਵਰਗਾ ,ਵਰ ਟੋਲ ਮਹਿਰਮਾ ਵੇ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -

ਖੁਦਕਸ਼ੀਆਂ ਦੀਆਂ ਖਬਰਾਂ ਪੜਕੇ ,ਮਨ ਨੂੰ ਚੈਨ ਨਾ ਆਵੇ ,
ਹਰਵਿੰਦਰ ਜੱਟ ਦੀ ਜੂਨ ਬੁਰੀ, ਰੱਬ ਇਹ ਜੂਨ ਨਾ ਪਾਵੇ,
ਦਿਲ ਦੇ ਦੁਖ ਸੁਖ ਮੇਰੇ ਕੋਲੇ ,ਅੱਜ ਤੂੰ  ਫੋਲ ਮਹਿਰਮਾ ਵੇ ,
ਚੁੱਪ ਚੁੱਪ ਕਾਹਤੋਂ ਰਹਿਨਾਂ ,ਕੁਝ ਤਾਂ ਬੋਲ ਮਹਿਰਮਾ ਵੇ -.............ਹਰਵਿੰਦਰ ਧਾਲੀਵਾਲ

No comments:

Post a Comment