Thursday 20 October 2011

ਗੀਤ

ਦੇਈਦੈ ਦਿਲਾਸਾ ,ਬੜਾ ਮਨ ਸਮਝਾਈਦੈ 
ਸਮਝੇ ਨਾ ਝੱਲਾ ,ਰੋਜ਼ ਝੁਰ ਝੁਰ ਜਾਈਦੈ 
ਬੁੱਲ ਘੁੱਟ ਲਈਏ, ਕਰੀਏ ਨਾ ਸੀ .....
ਨੀ ਵਿਚ ਪ੍ਰਦੇਸਾਂ ਦੇ ,                                            
ਲਗਦਾ ਨਾ ਮਾਏ ਮੇਰਾ ਜੀਅ...........

ਆਂਦਰਾਂ ਨੂੰ ਬੰਨ ,ਢੇਰ ਡਾਲਰਾਂ ਦਾ ਲਾ ਲਿਆ -
ਖਸਮਾਂ ਨੂੰ ਖਾਣੀਆਂ, ਕਮਾਈਆਂ ਸਾਨੂੰ ਖਾ ਲਿਆ -
ਅੰਨੀ ਧਰਤੀ ਤੇ ਗੁੰਗੇ ਬੋਲੇ ਜੀਅ............
ਨੀ ਵਿਚ ਪ੍ਰਦੇਸਾਂ ਦੇ ,ਲਗਦਾ ਨਾ ਮਾਏ ਮੇਰਾ ਜੀਅ..........


ਸ਼ਰਮ ਸੰਕੋਚ ਵਾਲੀ ਢੇਰੀ ਢਾਹੀ ਫਿਰਦੀ 
ਸਭਿਅਤਾ ਇਥੇ ਗਲੋਂ ਤੇੜੋੰ ਲਹਿ ਫਿਰਦੀ 
ਅਸੀਂ ਅੱਖ ਨਾ ਮਿਲਾਈਏ ਪਿਓ ਧੀ ........
ਨੀ ਵਿਚ ਪ੍ਰਦੇਸਾਂ ਦੇ ,ਲਗਦਾ ਨਾ ਮਾਏ ਮੇਰਾ ਜੀਅ..........

ਯਾਦ ਆਉਣ ਮਾਏ ਤੇਰੇ ਹੱਥਾਂ ਦੀਆਂ ਰੋਟੀਆਂ 
ਸਰੀਰ ਸੀ ਕਮਾਏ ਇਥੇ ਚੁੰਘ ਚੁੰਘ ਝੋਟੀਆਂ
ਸਾੱਗ ਸਰੋਂ ਦੇ 'ਚ ਤਾਰੀ ਲਾਵੇ ਘੀ.........
ਨੀ ਵਿਚ ਪ੍ਰਦੇਸਾਂ ਦੇ ,ਲਗਦਾ ਨਾ ਮਾਏ ਮੇਰਾ ਜੀਅ..........

ਭੁੱਲਣ ਨਾ ਵੀਰਾਂ ਦੀਆਂ ਘੋਰ ਵਫਾਦਾਰੀਆਂ 
ਯਾਰਾਂ ਦੀਆਂ ਮਹਿਫਲਾਂ 'ਚ ਗੱਲਾਂ ਟੂਣੇਹਾਰੀਆਂ
'ਹਰਵਿੰਦਰਾ' ਸਬਰ ਘੁੱਟ ਪੀ ...........
ਨੀ ਵਿਚ ਪ੍ਰਦੇਸਾਂ ਦੇ ,ਲਗਦਾ ਨਾ ਮਾਏ ਮੇਰਾ ਜੀਅ.................ਹਰਵਿੰਦਰ ਧਾਲੀਵਾਲ 

2 comments:

  1. ਹਰਵਿੰਦਰ ਜੀ,
    ਪਹਿਲੀ ਵਾਰ ਆਪ ਦੇ ਬਲਾਗ 'ਤੇ ਆਉਣ ਦਾ ਸਬੱਬ ਬਣਿਆ ।
    ਚੰਗਾ ਲੱਗਾ ।
    ਏਸ ਗੀਤ ਰਾਹੀਂ ਤੁਸਾਂ ਨੇ ਇੱਕ ਪ੍ਰਦੇਸੀ ਦੀ ਦਿਲੀ ਪੀੜ ਵਿਅਕਤ ਕੀਤੀ ਹੈ...ਕਿਤੇ ਇਹ ਪੀੜ ਆਵਦੇ ਹੀ ਦਿਲ ਦੀ ਤਾਂ ਨਹੀਂ ।
    ਚੰਗਾ ਇਹ ਪੀੜ ਸ਼ਬਦਾਂ ਦਾ ਜਾਮਾ ਪਾ ਬਾਹਰ ਆ ਗਈ ।
    ਕਦੇ ਪੰਜਾਬੀ ਵਿਹੜੇ ਵੀ ਆਉਣਾ ।
    ਹਰਦੀਪ
    http://punjabivehda.wordpress.com

    ReplyDelete
  2. ਡਾਕਟਰ ਹਰਦੀਪ ਸੰਧੂ ਜੀ ,ਸਤ ਸਿਰੀ ਅਕਾਲ ...
    ਮੇਰੇ ਬਲੋਗ ਤੇ ਵਿਜ਼ਿਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਜੀ ਆਇਆਂ ਨੂੰ ..........................
    ਇਹ ਮੇਰੀ ਨਲਾਇਕੀ ਹੀ ਹੈ ਕਿ ਤੁਸੀਂ ਮੇਰੇ ਬਲੋਗ ਤੇ ਵਿਜ਼ਿਟ ਕਰ ਆਏ ਤੇ ਮੈ ਤੁਹਾਡਾ ਸ਼ੁਕਰੀਆ ਤੇ ਜੀ ਆਇਆਂ ਨੂੰ ਹੁਣ ਹਫਤੇ ਬਾਅਦ ਕਰ ਰਿਹਾ ਹਾਂ ,ਬੇਨਤੀ ਹੈ ਕਿ ਕਬੂਲ ਕਰਿਓ .....................
    ਮੈ ਖੁਸ਼ ਕਿਸਮਤ ਹਾਂ ਕਿ ਮੈਨੂੰ ਪੰਜਾਬੀ ਵੇਹੜੇ ਆਉਣ ਦਾ ਮੌਕਾ ਮਿਲਿਆ ...ਆਪ ਦੀਆਂ ਰਚਨਾਵਾਂ ਪੜ ਕੇ ਬੇ ਹਦ ਦਿਲੀ ਖੁਸ਼ੀ ਮਹਸੂਸ ਹੋਈ .......ਹਰ ਰਚਨਾ ਪੰਜਾਬੀਅਤ ਦੇ ਰੰਗ ਵਿਚ ਰੰਗੀ ਹੋਈ ਹੈ ..ਬਲੋਗ ਦਾ ਫੇਰਾ ਲਗਾਉਣ ਸਮੇ ਇੰਜ੍ਗ ਹੀ ਮਹਸੂਸ ਹੋਇਆ ਜਿਵੇਂ ਮੈ ਆਪਨੇ ਉਹੀ ਪੁਰਾਣੇ ਰੰਗਲੇ ਪੰਜਾਬ ਵਿਚ ਵਿਚਰ ਰਿਹਾ ਹੋਵਾਂ .....ਭੈਣ ਜੀ ,ਤੁਹਾਨੂੰ ਪੰਜਾਬੀਅਤ ਦੇ ਇੰਨਾ ਨੇੜੇ ਵੇਖ ਕੇ ਦਿਲ ਗਦ ਗਦ ਹੋ ਉਠਿਆ ਹੈ -
    ਹਾਂ ਸਚ੍ਚ ,ਚੌਲਾਂ ਦੀਆਂ ਪਿਨੀਆਂ ਮੈਨੂੰ ਵੀ ਬੇਹੱਦ ਪਸੰਦ ਹਨ ..ਮੇਰੇ ਨਾਨੀ ਜੀ ਲੈ ਕੇ ਆਉਂਦੇ ਹੁੰਦੇ ਸਨ

    ਹਰਵਿੰਦਰ ਧਾਲੀਵਾਲ
    ਬਿਲਾਸਪੁਰ (ਮੋਗਾ )

    ReplyDelete