ਆਓ ਸਾਰੇ ਸੁਪਨਾ ਹੋ ਗਏ , ਸੁੱਖਾਂ ਦੀ ਗੱਲ ਕਰੀਏ
ਡੈਣ ਵਾਂਗਰਾਂ ਝਪਟਣ ਵਾਲੇ, ਦੁੱਖਾਂ ਦੀ ਗੱਲ ਕਰੀਏ
ਪਾਉਣ ਵਲੇਟੇ ਇੱਕ ਦੂਜੀ ਨੂੰ,ਆਂਦਰਾਂ ਉਸਦੀਆਂ ਖਾਲੀ
ਕੁਰਬਲ ਕੁਰਬਲ ਕਰ ਰਹੀਆਂ, ਭੁੱਖਾਂ ਦੀ ਗੱਲ ਕਰੀਏ
ਜਨਤਾ ਤਾਂ ਹੈ ਗਊ ਵਿਚਾਰੀ ,ਜਨਤਾ ਨੇ ਕੀ ਕਹਿਣਾ
ਲੀਡਰ,ਕਲਮਾਂ ਰਲ ਬੈਠ ਕੇ, ਲੁੱਟਾਂ ਦੀ ਗੱਲ ਕਰੀਏ
ਹਰੇ ਭਰੇ ਸੀ ਕਿਸੇ ਸਮੇ ਜੋ , ਗੂੜੀਆਂ ਛਾਵਾਂ ਦਿੰਦੇ
ਮਹਿਲਾਂ ਦੇ ਦਰਵਾਜੇ ਬਣ ਗਏ, ਰੁੱਖਾਂ ਦੀ ਗੱਲ ਕਰੀਏ
ਵਰਿਆਂ ਦੀ ਗਿਣਤੀ ਵਿਚੋਂ ,ਨਹੀਂ ਲਭਣੇ 'ਅਧ' ਗੁਆਚੇ
ਅੱਜ ਬੈਠੋ ਮੇਰੇ ਕੋਲ ਸਾਰੀਆਂ, ਰੁੱਤਾਂ ਦੀ ਗੱਲ ਕਰੀਏ
ਦੁਧ ਮਲਾਈਆਂ ਵਰਗੇ ਚੇਹਰੇ, ਵੇਖੇ ਬੜੇ ਹਰਵਿੰਦਰ
ਆ, ਝੁਰ੍ੜੇ, ਘੋਰ ਉਦਾਸੇ ਹੋਏ , ਮੁੱਖਾਂ ਦੀ ਗੱਲ ਕਰੀਏ .....................ਹਰਵਿੰਦਰ ਧਾਲੀਵਾਲ